Call us now 905 789 7454

Punjab da Butcher (Punjabi) KPS Gill

The Butcher Of Punjab  (Punjabi)

ਕੇ.ਪੀ.ਐੱਸ. ਗਿੱਲ ਦੀ ਅਗਵਾਈ ਹੇਠ ਪੰਜਾਬ ਨੂੰ ਇਕ ਖੁੱਲ੍ਹੇ ਸਮਸ਼ਾਨਘਾਟ ਵਿਚ ਬਦਲ ਦਿਤਾ ਗਿਆ ਤੇ ਦਮਗਜੇ ਮਾਰੇ ਗਏ ਕਿ ਅਸੀਂ ਪੰਜਾਬ ਵਿਚ ‘ਸ਼ਾਂਤੀ’ ਲਿਆਂਦੀ ਹੈ ਜਦਕਿ ਅਸਲ ਵਿਚ ਇਹ ਤਾਂ ਲੋਕਾਂ ਦੇ ਮਨੁੱਖੀ ਹੱਕਾਂ ਦੇ ਦਰੜੇ ਜਾਣ ਦੀ ਓਹ ਦਾਸਤਾਨ ਹੈ ਜਿਸ ਦਾ ਮਕਸਦ ਸਿੱਖਾਂ ਦੀ ਨਸਲਕੁਸ਼ੀ ਹੈ। ਸਿੱਖ ਕੌਮ ਦੇ ਆਪਸ ਵਿਚ ਬੜੇ ਹੀ ਵਖਰੇਵੇਂ, ਧੜੇ ਤੇ ਧਿਰਾਂ ਹਨ ਪਰ ਸਿੱਖਾਂ ਨੂੰ ਪਾਪੀ ਗਿੱਲ ਦੀ ਮੌਤ ਨੇ ‘ਇੱਕੋ ਜਿਹਾ ਸਕੂਨ’ ਦਿੱਤਾ। ਚਾਹੇ ਕੋਈ ਵੀ ਸਿੱਖ ਹੋਵੇ, ਜਿੱਥੇ ਮਰਜ਼ੀ ਰਹਿੰਦਾ ਹੈ, ਬੇਸ਼ੱਕ ਉਸ ਨੇ ਗਿੱਲ ਦਾ ਬੁੱਚੜਪੁਣੇ ਵਾਲਾ ਦੌਰ ਵੇਖਿਆ ਸੀ ਜਾਂ ਨਹੀਂ, ਕਿਸੇ ਵੀ ਸਿਆਸੀ ਜਾਂ ਧਾਰਮਿਕ ਪਿਛੋਕੜ ਵਾਲਾ ਹੈ, ਨੌਕਰੀ-ਪੇਸ਼ਾ ਹੈ ਜਾਂ ਆਪਣਾ ਕੋਈ ਕਾਰੋਬਾਰ ਕਰਦਾ ਹੈ। ਸਾਰੇ ਸਿੱਖਾਂ ਨੇ ਇੱਕੋ ਜਿਹੀ ਤਸੱਲੀ, ਇੱਕੋ ਜਿਹੀ ਸੰਤੁਸ਼ਟੀ ਮਹਿਸੂਸ ਕੀਤੀ। ਉਹ ਸਿੱਖਾਂ ਦਾ ਸਾਂਝਾ ਦੁਸ਼ਮਣ ਸੀ।

ਗਿੱਲ ਦੀ ਕਮਾਂਡ ਹੇਠ ਜੋ ਜ਼ੁਲਮੀ ਹਨੇਰੀ ਝੁੱਲੀ, ਓਸ ਕਰਕੇ ਜਾਪਦਾ ਸੀ ਜਿਵੇਂ ਪੰਜਾਬ ਵਿੱਚੋਂ ਪੱਗ ਤੇ ਦਾਹੜਾ-ਕੇਸ ਸਦਾ ਲਈ ਮੁੱਕ ਜਾਣਗੇ। ਕਿਸੇ ਵੀ ਸਿੱਖ ਨੂੰ, ਚਾਹੇ ਓਹ ਕਿਸੇ ਵੀ ਥਾਂ ਕੁਝ ਵੀ ਹੋਵੇ, ਜਦ ਜੀ ਚਾਹੇ ਖ਼ਾਕੀ ਵਰਦੀ ਵਾਲੇ ਚੁੱਕ ਕੇ ਲੈ ਜਾਂਦੇ, ਗੈਰ-ਕਨੂੰਨੀ ਹਿਰਾਸਤਾਂ, ਬੇਕਿਰਕੀ ਨਾਲ ਤਸੀਹੇ, ਝੂਠੇ ਮੁਕਾਬਲਿਆਂ ਦਾ ਦੌਰ ਸਿਖ਼ਰ ‘ਤੇ ਰਿਹਾ। ਗਿੱਲ ਦੀ ਅਗਵਾਈ ਹੇਠਲੇ ਕਾਤਲ ਟੋਲਿਆਂ ਨੇ ਸਿੱਖਾਂ ਵਰਗੇ ਪਹਿਰਾਵੇ ਵਿਚ ਅਗਵਾ, ਬਲਾਤਕਾਰ, ਲੁੱਟਾਂ-ਖੋਹਾਂ, ਕਤਲਾਂ ਨਾਲ ਹਰੇਕ ਨੂੰ ਦਹਿਸ਼ਤਜ਼ਦਾ ਕੀਤਾ। ਕੈਟਾਂ-ਟਾਊਟਾਂ ਤੇ ਹੋਰ ਸਮਾਜ-ਵਿਰੋਧੀ ਤੱਤਾਂ ਦੀ ਚੜ੍ਹਤ ਰਹੀ ਤੇ ਸਹੀ ਸੋਚ ਵਾਲੇ ਨਾਗਿਰਕ ਆਪਣੀ ਜਾਨ-ਮਾਲ, ਇੱਜ਼ਤ ਤੇ ਸਵੈਮਾਣ ਨੂੰ ਬਚਾਉਣ ਲਈ ਲਿਲਕੜੀਆਂ ਲੈਂਦੇ ਰਹੇ। ਗਿੱਲ ਦੀ ਅਗਵਾਈ ਹੇਠ ਸਾਰਾ ਪੰਜਾਬ ਇਕ ਖੁੱਲ੍ਹੀ ਜੇਲ੍ਹ ਵਾਂਗ ਸੀ ਜਿਵੇਂ ਜੇਲ੍ਹਾਂ ਵਿਚ ਹਜ਼ਾਰਾਂ ਲੋਕਾਂ ਦੇ ਹੁੰਦਿਆਂ ਵੀ ਭੋਰਾ ਅਵਾਜ਼ ਨਹੀ ਹੁੰਦੀ, ਓਵੇਂ ਪੰਜਾਬ ਵਿਚ ਗਿੱਲ ਨੇ ਸਮਸ਼ਾਨਘਾਟ ਵਰਗੀ ਸ਼ਾਂਤੀ ਲਿਆਂਦੀ।

 ਗਿੱਲ ਨੇ ਪੁਲੀਸ ਨੂੰ ਵਹਿਸ਼ੀਪਣਾ ਤੇ ਦਰਿੰਦਗੀ ਦਾ ਐਨਾ ਬੁਰੀ ਤਰ੍ਹਾਂ ਆਦੀ ਬਣਾਇਆ ਕਿ ਬਹੁਤੇ ਪੁਲਸੀਏ ਤਸੀਹੇ ਦੇ-ਦੇ ਕੇ ਬੰਦੇ ਮਾਰਨ ਵਿਚ ਸਵਾਦ ਲੈਣ ਲੱਗ ਪਏ। ਉਹਨਾਂ ਅੰਦਰਲਾ ‘ਬੰਦਾ’ ਮਰ-ਮੁੱਕ ਹੀ ਗਿਆ ਤੇ ਲੋਕਾਂ ਦੀਆਂ ਮਰਨ ਤੋਂ ਪੈਂਦੀਆਂ ਚੀਕਾਂ ਉਹਨਾਂ ਨੂੰ ਅਨੰਦ ਦਿੰਦੀਆਂ। ਉਸ ਨੇ ਪੁਲੀਸ ਨੂੰ ‘ਇੱਕ ਕਾਤਲ ਮਸ਼ੀਨ’ ਬਣਾ ਧਰਿਆ। ਗਿੱਲ ਦੀ ਅਗਵਾਈ ਵਿਚ ਪੁਲੀਸ ਖ਼ਾਕੀ ਵਰਦੀਧਾਰੀ ਅਪਰਾਧਿਕ ਗਿਰੋਹ ਵਿਚ ਬਦਲ ਚੁੱਕੀ ਸੀ। ਵਿਦੇਸ਼ੀ ਦਰਿੰਦੇ ਨਾਲੋਂ ਵੀ ਵੱਧ ਜ਼ਾਲਮ ਗ਼ੁਲਾਮ ਓਵਰਸੀਅਰ ਗਿੱਲ ਨੇ ਹਕੂਮਤ ਲਈ ਓਹ ਕੰਮ ਕੀਤਾ ਜੋ ਸ਼ਾਇਦ ਕੋਈ ਹੋਰ ਨਾ ਹੀ ਕਰਦਾ। ੧੬ ਸਤੰਬਰ ੧੯੯੪ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਗਿੱਲ ਦੀ ਅਗਵਾਈ ਹੇਠ ਪੰਜਾਬ ਪੁਲੀਸ ਗੁੰਮਰਾਹ, ਤਾਨਾਸ਼ਾਹ ਤੇ ਬੇਲਗਾਮ ਫੋਰਸ ਬਣ ਗਈ ਹੈ। ਹਰ ਤਰ੍ਹਾਂ ਦੀਆਂ ਬੁਰੀਆਂ ਆਦਤਾਂ ਦੇ ਐਬੀ, ਸ਼ਰਾਬੀ ਤੇ ਮਨੁੱਖਤਾ ਦੇ ਬੇਰਹਿਮ ਕਾਤਲ ਨੂੰ ਇਕ ਔਰਤ ਨਾਲ ਗ਼ਲਤ ਵਿਹਾਰ ਦੇ ਮੁਕੱਦਮੇ ਵਿਚ ਜ਼ੁਰਮਾਨਾ ਤੇ ਸਜ਼ਾ ਸੁਣਾਉਣ ਮੌਕੇ ਅਦਾਲਤ ਨੇ ‘ਚਰਿੱਤਰਹੀਣ’ ਗਰਦਾਨਿਆ।

‘ਗਿੱਲ’ ਨੂੰ ਸਿੱਖਾਂ ਵਿਚ ਮੱਸੇ ਰੰਘੜ, ਜ਼ਕਰੀਆ ਖਾਂ, ਮੀਰ ਮੰਨੂ ਤੇ ਲਖਪਤ ਰਾਏ ਵਰਗੇ ਸਿੱਖੀ ਦੇ ਵੈਰੀਆਂ ਵਾਂਗ ਮੰਨਿਆ ਜਾਂਦਾ ਹੈ। ਗਿੱਲ ਉਵੇਂ ਮਰਿਆ, ਜਿਵੇਂ ਉਸ ਦੀ ਲਿਖੀ ਹੋਈ ਸੀ। ਇਹ ਅਕਾਲ ਪੁਰਖ ਦੀ ਮੌਜ ਹੈ ਕਿ ਉਸ ਦੀ ਮੌਤ ਕਿਸੇ ਸਿੰਘ ਦੀ ਗੋਲੀ, ਕਿਸੇ ਮਨੁੱਖੀ ਬੰਬ ਦੇ ਧਮਾਕੇ ਜਾਂ ਕਿਸੇ ਹੋਰ ਕਾਰਵਾਈ ਵਿਚ ਨਹੀਂ ਸੀ ਜਾਣੀ ਤੇ ਉਸ ਨੇ ਨਰੈਣੂ ਮਹੰਤ ਵਾਂਗ ਆਪਣੀ ਮੌਤੇ ਆਪ ਮਰਨਾ ਸੀ।

ਜਿਸ ਨਿਜ਼ਾਮ ਲਈ ਗਿੱਲ ਨੇ ਸਿੱਖਾਂ ਦਾ ਘਾਣ ਕੀਤਾ, ਉਸ ਨਿਜਾਮ ਨੇ ਆਪਣੇ ਇਸ ਹੱਥਠੋਕੇ ਵਿਚ ਬੜੀ ਵਾਰ ਬੇ-ਯਕੀਨੀ ਵਿਖਾਈ। ਪੰਜਾਬ ਵਿਚ ਲੋਥਾਂ ਦੇ ਸੱਥਰ ਵਿਛਾ ਦੇਣ ਦੇ ਬਾਵਜੂਦ ਭਾਰਤੀ ਨਿਜਾਮ ਨੇ ਕਦੇ ਵੀ ਓਸ ਨੂੰ ‘ਪੂਰਾ ਭਰੋਸੇਯੋਗ’ ਨਹੀਂ ਸੀ ਮੰਨਿਆ। ਗਿੱਲ ਨੂੰ ਵਾਰ-ਵਾਰ ਇਹ ਸਬਕ ਦਿੱਤਾ ਗਿਆ ਕਿ ਬੇਸ਼ੱਕ ਉਸ ਨੇ ਮੁਲਕ ਲਈ ਬੜਾ ਕੁਝ ਕੀਤਾ ਹੋਵੇਗਾ ਪਰ ਉਸ ਨੂੰ ਜਦ ਚਾਹੇ ਜਿੱਥੇ ਚਾਹੇ ‘ਵਰਤਿਆ’ ਜਾਵੇਗਾ ਤੇ ਆਪਣੀ ਮਰਜ਼ੀ ਨਹੀਂ ਕਰਨ ਦਿੱਤੀ ਜਾਵੇਗੀ। ਇਹੋ ਜਿਹੇ ਹੱਥਠੋਕੇ ਹਕੂਮਤਾਂ ਕੋਲ ਨਾ ਮੁੱਕੇ ਹਨ, ਨਾ ਘਟੇ ਹਨ। ਗਿੱਲ ਝੂਰਦਾ ਹੁੰਦਾ ਸੀ ਕਿ ਭਾਰਤੀ ਨਿਜ਼ਾਮ ਨੇ ਉਸ ਨੂੰੰ ਸਿੱਖਾਂ ਦੀ ਨਸਲਕੁਸ਼ੀ ਲਈ ਰੱਜ ਕੇ ਵਰਤਿਆ ਤੇ ਵਰਤ ਕੇ ਵਗਾਹ ਮਾਰਿਆ। ਸਿੱਖ ਸੱਭਿਆਚਾਰ ਵਿਚ ਵਹਿਸ਼ੀ ਤੋਂ ਵਹਿਸ਼ੀ ਦੁਸ਼ਮਣ ਦੇ ਮਰਨ ਮਗਰੋਂ ਉਹ ਕੁਝ ਨਹੀਂ ਕਿਹਾ ਜਾਂਦਾ, ਜੋ ਹੁਣ ਗਿੱਲ ਬਾਰੇ ਕਿਹਾ ਗਿਆ। ਗਿੱਲ ਦੇ ਪਾਪਾਂ ਦੇ ਸਤਾਏ ਸਿੱਖ ਕੌਮ ਦੇ ਸਾਂਝੇ ਜਜ਼ਬਾਤ ਇੱਕਮੁੱਠ ਤੇ ਇੱਕਜੁੱਟ ਹੋ ਕੇ ਦੋਹਾਈਆਂ ਦਿੰਦੇ ਰਹੇ ਕਿ ਕੋਈ ਸਿੱਖ ਗਿੱਲ ਦੇ ਸਸਕਾਰ ਤੇ ਅੰਤਿਮ ਅਰਦਾਸ ‘ਤੇ ਨਾ ਜਾਵੇ ।

ਸਿੱਖ ਕੌਮ ਦੇ ਸਾਂਝੇ ਜਜ਼ਬਾਤਾਂ ਸਦਕਾ ਹੀ ਉਸ ਦੇ ਲਈ ਅਖੰਡ ਪਾਠ ਆਦਿਕ ਨਹੀਂ ਹੋ ਸਕੇ। ੧੩ ਅਪ੍ਰੈਲ ੧੯੧੯ ਨੂੰ ਜਲ੍ਹਿਆਂਵਾਲੇ ਬਾਗ ਵਿਚ ਲਹੂ ਦੀਆਂ ਨਦੀਆਂ ਵਗਾਉਣ ਵਾਲੇ ਜਨਰਲ ਡਾਇਰ ਨੂੰ ਦੁਨੀਆ ‘ਅੰਮ੍ਰਿਤਸਰ ਦਾ ਬੁੱਚੜ’ ਕਹਿ ਕੇ ਯਾਦ ਕਰਦੀ ਹੈ ਕਿਉਂਕਿ ਉਸ ਦੇ ਜ਼ੁਲਮਾਂ ਦਾ ਅੰਮ੍ਰਿਤਸਰ ਵਿਚ ਕਹਿਰ ਢਾਹਿਆ ਸੀ । ਜਨਰਲ ਡਾਇਰ ਵਾਂਗ ਹੀ ਕੇ.ਪੀ.ਐਸ. ਗਿੱਲ ਨੇ ਸਾਰੇ ਪੰਜਾਬ ਵਿਚ ਅੱਤਿਆਚਾਰ ਕੀਤੇ ਸਨ ਜਿਸ ਕਰਕੇ ਉਸ ਨੂੰ ‘ਪੰਜਾਬ ਦਾ ਬੁੱਚੜ’ ਕਹਿੰਦੇ ਹਨ। ‘ਹੰਟਰ ਕਮਿਸ਼ਨ’ ਦੀ ਰਿਪੋਰਟ ਵਿਚ ਜਨਰਲ ਡਾਇਰ ਦੀ ਸਖ਼ਤ ਨਿਖੇਧੀ ਕੀਤੀ ਗਈ ਸੀ ਤੇ ਵਿਨਸਟਨ ਚਰਚਿਲ ਨੇ ਵੀ ਉਸ ਨੂੰ ਬਰਤਰਫ਼ ਕਰਨ ਦੀ ਮੰਗ ਰੱਖੀ ਸੀ। ਜਨਰਲ ਡਾਇਰ ਕਹਿੰਦਾ ਸੀ ਕਿ ਮੈਂ ਲੋਕਾਂ ਦੇ ਦਿਲਾਂ ਵਿਚ ਦਹਿਸ਼ਤ ਪੈਦਾ ਕਰ ਕੇ ਉਹਨਾਂ ਦੇ ਹੌਂਸਲੇ ਪਸਤ ਕਰਨੇ ਚਾਹੁੰਦਾ ਸੀ। ਗਿੱਲ ਵੀ ਕਹਿੰਦਾ ਸੀ ਕਿ ਜਿੰਨੇ ਕੁ ਬੰਦੇ ਮੈਂ ਮਾਰ ਦਿੱਤੇ ਹਨ ਹੁਣ ਸਿੱਖਾਂ ਦੀ ਸੋਚਣੀ ਹੀ ਬਦਲ ਗਈ ਹੈ। ਡਾਇਰ ਦੇ ਜ਼ੁਲਮਾਂ ਨੂੰ ਭਾਰਤ ਦੀ ਅਜ਼ਾਦੀ ਦੀ ਲਹਿਰ ਵਿਚ ਤੇਜੀ ਲਿਆਉਣ ਦਾ ਕਾਰਨ ਮੰਨਿਆ ਜਾਂਦਾ ਹੈ ਤੇ ਗਿੱਲ ਬਾਰੇ ਵੀ ਕਹਿੰਦੇ ਨੇ ਕਿ ਇਸ ਦੇ ਜ਼ੁਲਮਾਂ ਦੇ ਸਤਾਏ ਉਹ ਲੋਕ ਵੀ ਖ਼ਾਲਿਸਤਾਨ ਦੇ ਸਮਰਥਕ ਬਣ ਗਏ, ਜਿਹੜੇ ਪਹਿਲਾਂ ਇਸ ਦੇ ਖ਼ਿਲਾਫ਼ ਸਨ। ਜਨਰਲ ਡਾਇਰ ਦੇ ਹੱਕ ਵਿਚ ਜਿਵੇਂ ਪ੍ਰੈੱਸ ਦਾ ਗਲ਼ਾ ਘੁੱਟਿਆ ਸੀ, ਓਵੇਂ ਹੀ ਗਿੱਲ ਦੇ ਜ਼ੁਲਮਾਂ ਦੀ ਖ਼ਬਰ ਛਾਪਣ ਮੌਕੇ ਸੈਂਸਰ ਦਾ ਕੁਹਾੜਾ ਚੱਲਿਆ।

ਸੱਚਮੁੱਚ ਜੇ ਡਾਇਰ ‘ਅੰਮ੍ਰਿਤਸਰ ਦਾ ਬੁੱਚੜ’ ਐਲਾਨਿਆ ਗਿਆ ਹੈ ਤਾਂ ਗਿੱਲ ‘ਪੰਜਾਬ ਦਾ ਬੁੱਚੜ’ ਹੈ। ਇਸ ਮਹਾਂ-ਪਾਪੀ ਨੂੰ ‘ਸੁਪਰਕੌਪ’ ਕਹਿਣ ਵਾਲੇ ਉਹਨਾਂ ਦੇ ਵਾਰਿਸ ਹਨ, ਜਿਨ੍ਹਾਂ ਨੇ ਡਾਇਰ ਦੇ ਬੁੱਚੜਪੁਣੇ ਦੀ ਹਮਾਇਤ ਕੀਤੀ ਸੀ। ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਤਾਂ ਜਨਰਲ ਡਾਇਰ ਵੱਲੋਂ ਅੰਮ੍ਰਿਤਸਰ ਵਿਚ ਵਿਖਾਏ ਬੁੱਚੜਪੁਣੇ ਨੂੰ ਸ਼ਰਮਨਾਕ ਆਖ ਹੀ ਦਿੱਤਾ ਪਰ ਭਾਰਤੀ ਨਿਜਾਮ ਨੇ ਗਿੱਲ ਦੇ ਬੁੱਚੜਪੁਣੇ ‘ਤੇ ਫ਼ਖ਼ਰ ਹੈ।

Author:    Sarabjit Singh Ghuman
Language: Punjabi (Paperback)

Dimensions:  9X6X2 (Inches)


Punjab da Butcher (Punjabi) KPS Gill

  • Product Code: 9788193464625

In Stock

  • $14.99
  • $11.49


Tags: Punjab da Butcher (Punjabi) KPS Gill